Barah Maha Tukhari Raag Guru Nanak Dev Ji ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ

ਬਾਰਹ ਮਾਹਾ

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥

(ਤੂ ਸੁਣਿ=ਹੇ ਪਰਮਾਤਮਾ ਤੂੰ ਸੁਣ, ਕਿਰਤ=ਕੀਤੇ ਹੋਏ,
ਕਰੰਮਾ=ਕੰਮ, ਪੂਰਬਿ=ਪਹਿਲੇ ਜਨਮਾਂ ਵਿਚ, ਕਮਾਇਆ=
ਕਮਾਈ, ਸਿਰਿ ਸਿਰਿ=ਹਰੇਕ ਜੀਵ ਦੇ ਸਿਰ ਉਤੇ, ਸਹੰਮਾ=
ਸਹਿਮ,ਦੁੱਖ, ਤੂ ਦੇਹਿ=ਜੋ ਤੂੰ ਦੇਂਦਾ ਹੈਂ, ਸੁ ਭਲਾ=ਉਹ ਭਲਾ ਹੈ,
ਗਤਿ=ਹਾਲਤ, ਦੁਹੇਲੀ=ਦੁੱਖੀ, ਬੇਲੀ=ਦੋਸਤ,ਮਦਦ ਕਰਨ ਵਾਲਾ,
ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਅੰਮ੍ਰਿਤੁ=ਆਤਮਕ ਜੀਵਨ ਦੇਣ
ਵਾਲਾ ਨਾਮ-ਜਲ, ਸੁ ਕਰਮਾ=ਸ੍ਰੇਸ਼ਟ ਕੰਮ, ਪੰਥੁ=ਰਸਤਾ, ਨਿਹਾਲੇ=
ਤੱਕ ਰਹੀ ਹੈ, ਸਾਧਨ=ਜੀਵ-ਇਸਤ੍ਰੀ, ਆਤਮ ਰਾਮਾ=ਹੇ ਸਰਬ-
ਵਿਆਪਕ ਪਰਮਾਤਮਾ)

 

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥

(ਬਾਬੀਹਾ=ਪਪੀਹਾ,ਚਾਤ੍ਰਿਕ, ਕੋਕਿਲ=ਕੋਇਲ, ਬਾਣੀਆ=
ਮਿੱਠਾ ਬੋਲ, ਸਾਧਨ=ਜੀਵ-ਇਸਤ੍ਰੀ, ਸਭਿ=ਸਾਰੇ, ਚੋਲੈ=
ਖਾਂਦੀ ਹੈ,ਮਾਣਦੀ ਹੈ, ਅੰਕਿ=ਅੰਗ ਨਾਲ, ਭਾਣੀ=ਪਿਆਰੀ
ਲੱਗਦੀ ਹੈ, ਸੋਹਾਗਣਿ=ਚੰਗੇ ਭਾਗਾਂ ਵਾਲੀ, ਨਾਰੇ=ਜੀਵ-
ਇਸਤ੍ਰੀ, ਨਵ ਘਰ=ਨੌ ਗੋਲਕਾਂ,ਨੌ ਇੰਦ੍ਰੀਆਂ ਵਾਲੇ ਸਰੀਰ ਨੂੰ,
ਥਾਪਿ=ਟਿਕਾ ਕੇ, ਊਚਉ=ਉੱਚਾ, ਮਹਲ ਘਰੁ=ਪ੍ਰਭੂ ਦਾ ਨਿਵਾਸ,
ਨਿਜ ਘਰਿ ਮੁਰਾਰੇ=ਪ੍ਰਭੂ ਦੇ ਆਪਣੇ ਸਰੂਪ ਵਿਚ, ਨਿਸਿ=ਰਾਤ,
ਬਾਸੁਰ=ਦਿਨ, ਰੰਗਿ=ਪਿਆਰ ਵਿਚ, ਰਾਵੈ=ਮਾਣਦੀ ਹੈ,ਸਿਮਰਦੀ
ਹੈ, ਸੁਹਾਵੈ=ਸੋਹਣੀ ਲੱਗਦੀ ਹੈ)

 

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥
ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥

(ਹਰਿ ਰਸ ਭਿੰਨੇ=ਹੇ ਰਸ-ਭਿੰਨੇ ਹਰੀ, ਆਪਣੇ=ਮੇਰੇ,
ਰਵਤ ਰਵੰਨੇ=ਹੇ ਰਮੇ ਹੋਏ, ਨ ਬੀਸਰੈ=ਨਹੀਂ ਭੁਲਾਂਦਾ,
ਬਿਸਾਰੀ=ਮੈਂ ਵਿਸਾਰ ਸਕਾਂ, ਹਉ=ਮੈਂ, ਗਾਏ=ਗਾ ਕੇ,
ਕੇਰਾ=ਦਾ, ਰਹਣੁ ਨ ਜਾਏ=ਮਨ ਧੀਰਜ ਨਹੀਂ ਫੜਦਾ,
ਗਹੀ=ਫੜੀ, ਦ੍ਰਿਸਟਿ=ਨਜ਼ਰ, ਦੀਰਘ ਦ੍ਰਿਸਟਿ=ਲੰਮੀ
ਨਜ਼ਰ ਵਾਲਾ, ਧੀਰਾ=ਧੀਰਜ ਵਾਲਾ)

 

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥

(ਬਰਸੈ=ਵਰ੍ਹਦੀ ਹੈ, ਅੰਮ੍ਰਿਤ ਧਾਰ ਬੂੰਦ=ਆਤਮਕ ਜੀਵਨ
ਦੇਣ ਵਾਲੇ ਨਾਮ-ਜਲ ਦੀਆਂ ਬੂੰਦਾਂ ਦੀ ਧਾਰ, ਸਹਜਿ=ਆਤਮਕ
ਅਡੋਲਤਾ ਵਿਚ ਟਿਕੇ ਹੋਏ ਨੂੰ, ਸੁਭਾਇ=ਪ੍ਰੇਮ ਵਿਚ, ਸਿਉ=ਨਾਲ,
ਜਾ=ਜਦੋਂ, ਪ੍ਰਭ ਭਾਵੈ=ਪ੍ਰਭੂ ਨੂੰ ਚੰਗਾ ਲੱਗਦਾ ਹੈ, ਧਨ=ਜੀਵ-
ਇਸਤ੍ਰੀ, ਊਭੀ=ਉੱਚੀ, ਉਤਾਵਲੀ, ਸਾਰੀ=ਸੰਭਾਲਦੀ ਹੈ, ਘਰਿ
ਘਰਿ=ਹਰੇਕ ਹਿਰਦੇ-ਘਰ ਵਿਚ, ਕੰਤੁ=ਪ੍ਰਭੂ-ਪਤੀ, ਰਾਵੈ=ਰੰਗ
ਮਾਣਦਾ ਹੈ, ਹਉ=ਮੈਨੂੰ, ਕੰਤਿ=ਪ੍ਰਭੂ-ਪਤੀ ਨੇ, ਉਨਵਿ=ਨਿਵ ਕੇ,
ਲਿਫ਼ ਕੇ, ਤਰਸ ਕਰ ਕੇ, ਘਨ=ਹੇ ਬੱਦਲ, ਬਰਸੁ=ਵਰਖਾ ਕਰ,
ਸੁਭਾਏ=ਪ੍ਰੇਮ ਨਾਲ, ਸੁਖਾਵੈ=ਸੁਖਾਂਦਾ ਹੈ, ਘਰਿ=ਘਰ ਵਿਚ)

 

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

(ਸੁਹਾਵੜੇ=ਸੁਹਾਵਣੇ, ਬਨ=ਜੰਗਲ,ਬਨਸਪਤੀ, ਮੰਝ=ਵਿਚ,
ਬਾਰਿ=ਜੂਹ, ਮੈ ਪਿਰੁ=ਮੇਰਾ ਪਤੀ-ਪ੍ਰਭੂ, ਬਾਹੁੜੈ=ਆ ਜਾਏ,
ਧਨ=ਇਸਤ੍ਰੀ, ਬਿਰਹਿ=ਵਿਛੋੜੇ ਵਿਚ, ਛੀਜੈ=ਛਿੱਜਦਾ ਹੈ,
ਟੁੱਟਦਾ ਹੈ, ਅੰਬਿ=ਅੰਬ ਦੇ ਰੁੱਖ ਉਤੇ, ਅੰਕਿ=ਹਿਰਦੇ ਵਿਚ,
ਮਰੁ=ਮੌਤ, ਵਰੁ=ਪਤੀ, ਘਰਿ=ਹਿਰਦੇ-ਘਰ ਵਿਚ, ਧਨ=
ਜੀਵ-ਇਸਤ੍ਰੀ, ਪਾਏ=ਲੱਭ ਲਏ)

 

ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

(ਸਾਖਾ=ਨਵੀਆਂ-ਫੁੱਟੀਆਂ ਟਾਹਣੀਆਂ,ਲਗਰਾਂ, ਵੇਸ ਕਰੇ=
ਸੋਹਣੇ ਕੱਪੜੇ ਪਾਏ ਹੋਏ ਹਨ, ਧਨ=ਇਸਤ੍ਰੀ, ਦੇਖੈ=ਵੇਖਦੀ ਹੈ,
ਦੁਆਰਿ=ਬੂਹੇ ਵਿਚ, ਕਰੇ=ਕਰ ਕੇ, ਦੁਤਰ=ਜਿਸ ਵਿਚੋਂ ਤਰ
ਕੇ ਲੰਘਣਾ ਔਖਾ ਹੋਵੇ, ਤਾਰੇ=ਪਾਰ ਲੰਘਾ, ਅਢੁ=ਅੱਧੀ ਕੌਡੀ,
ਮੋਲੋ=ਮੁੱਲ, ਤੁਧੁ ਭਾਵਾਂ=ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ, ਦਿਖਾਵੈ=
ਮੈਨੂੰ ਭੀ ਦਰਸਨ ਕਰਾ ਦੇਵੇ, ਢੋਲੋ=ਢੋਲੇ ਦਾ, ਜਾਨਾ=ਜਾਣਦੀ ਹਾਂ,
ਮਾਨਾ=ਮੰਨਦੀ ਹਾਂ, ਮਹਲੁ=ਟਿਕਾਣਾ, ਪਛਾਨਾ=ਪਛਾਣ ਲੈਂਦੀ ਹਾਂ,
ਵੈਸਾਖੀਂ=ਵੈਸਾਖ ਵਿਚ, ਮਾਨਾ=ਪਤੀਜ ਗਿਆ,ਗਿੱਝ ਗਿਆ)

 

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥

(ਕਿਉ ਬਿਸਰੈ=ਕਿਵੇਂ ਵਿੱਸਰੇ,ਨਹੀਂ ਵਿੱਸਰਦਾ, ਤਾਪਹਿ=
ਤਪਦੇ ਹਨ, ਭਖਦੇ ਹਨ, ਸਰ=ਵਾਂਗ, ਭਾਰ=ਭੱਠ, ਸਾਧਨ=
ਜੀਵ-ਇਸਤ੍ਰੀ, ਬਿਨਉ=ਬੇਨਤੀ, ਸਾਰੇਦੀ=ਸੰਭਾਲਦੀ ਹੈ,
ਯਾਦ ਕਰਦੀ ਹੈ, ਸਾਰੀ=ਮੈਂ ਯਾਦ ਕਰਦੀ ਹਾਂ, ਬੈਰਾਗੀ=
ਮਾਇਆ ਤੋਂ ਨਿਰਲੇਪ, ਆਵਣ ਦੇਹਿ=ਜੇ ਤੂੰ ਆਉਣ ਦੀ
ਆਗਿਆ ਦੇਵੇਂ, ਆਵਾ=ਮੈਂ ਤੇਰੇ ਪਾਸ ਆ ਸਕਦੀ ਹਾਂ,
ਕਰਮਿ=ਬਖ਼ਸ਼ਸ਼ ਨਾਲ, ਗਹਿਲੀ=ਗ੍ਰਹਣ ਕਰਨ ਵਾਲੀ,
ਜਾਣੈ=ਸਾਂਝ ਪਾ ਲਏ, ਗੁਣ ਗਹਿਲੀ=ਪ੍ਰਭੂ ਦੇ ਗੁਣ ਗ੍ਰਹਣ
ਕਰਨ ਵਾਲੀ)

 

ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥

(ਆਸਾੜੁ=ਹਾੜ ਮਹੀਨਾ, ਗਗਨਿ=ਆਕਾਸ਼ ਵਿਚ, ਭਲਾ=ਚੰਗਾ,
ਜੋਬਨ ਵਿਚ, ਸਹੈ=ਸਹਾਰਦੀ ਹੈ, ਭਖੈ=ਤਪਦੀ ਹੈ, ਰਸੁ=ਜਲ,
ਮਰੀਐ=ਮਰੀਦਾ ਹੈ, ਧੋਖੈ=ਧੁਖ ਧੁਖ ਕੇ, ਸੋ=ਉਹ ਸੂਰਜ,
ਕਿਰਤੁ ਨ ਹਾਰੇ=ਕਰਤੱਬ ਨਹੀਂ ਛੱਡਦਾ, ਫਿਰੈ=ਚੱਕਰ
ਲਾਂਦਾ ਹੈ, ਧਨ=ਕਮਜ਼ੋਰ ਜਿੰਦ, ਤਾਕੈ=ਤੱਕਦੀ ਹੈ, ਟੀਡੁ=
ਬੀਂਡਾ, ਲਵੈ=ਲੌਂਦਾ ਹੈ,ਟੀਂ ਟੀਂ ਕਰਦਾ ਹੈ, ਮੰਝਿ ਬਾਰੇ=
ਖੁਲ੍ਹੀ ਜੂਹ ਵਿਚ, ਬਾਧਿ=ਬੰਨ੍ਹ ਕੇ, ਚਲੀ=ਤੁਰਦੀ ਹੈ,
ਆਗੈ=ਅਗਾਂਹ ਸਾਹਮਣੇ, ਸਾਚੁ=ਸਦਾ-ਥਿਰ ਪ੍ਰਭੂ,
ਸਮਾਲੇ=ਹਿਰਦੇ ਵਿਚ ਸੰਭਾਲਦੀ ਹੈ, ਮਰਣੁ ਜੀਵਣੁ=
ਹਰ ਵੇਲੇ ਦਾ ਸਾਥ)

 

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥

(ਸਾਵਣਿ=ਸਾਵਣ ਵਿਚ, ਸਰਸ=ਹਰਾ ਹੋ, ਘਣ=ਬੱਦਲ,
ਆਏ=ਆਈ ਹੈ, ਮੈ ਭਾਵੈ=ਮੈਨੂੰ ਪਿਆਰਾ ਲੱਗਦਾ ਹੈ,
ਪਿਰ=ਪਤੀ ਜੀ, ਸਿਧਾਏ=ਚਲੇ ਗਏ ਹਨ, ਹਾਵੈ=ਹਉਕੇ
ਵਿਚ, ਦਾਮਨਿ=ਬਿਜਲੀ, ਚਮਕਿ=ਚਮਕ ਕੇ, ਖਰੀ=
ਬਹੁਤ, ਦੁਹੇਲੀ=ਦੁਖਦਾਈ, ਕਹੁ=ਦੱਸੋ, ਸੁਖਾਵਏ=
ਸੁਖਾਂਦਾ ਹੈ, ਕੰਤੀ=ਜਿਸ ਨੂੰ ਕੰਤ ਪਿਆਰ ਕਰਦਾ ਹੈ,
ਅੰਕਿ=ਗਲਵੱਕੜੀ ਵਿਚ, ਸਮਾਵਏ=ਲੀਨ ਹੋ ਜਾਂਦੀ ਹੈ)

 

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

(ਭਰਮਿ=ਭਟਕਣਾ ਵਿਚ, ਭੁਲੀ=ਕੁਰਾਹੇ ਪੈ ਗਈ, ਭਰਿ
ਜੋਬਨਿ=ਪੂਰੇ ਜੋਬਨ ਵਿਚ, ਨੀਰਿ=ਪਾਣੀ ਨਾਲ, ਬਰਸ ਰੁਤੇ=
ਵਰਖਾ ਦੀ ਰੁੱਤੇ, ਰੰਗੁ ਮਾਣੀ=ਰੰਗ ਮਾਣਦੀ, ਨਿਸਿ=ਰਾਤ
ਵੇਲੇ, ਦਾਦਰ=ਡੱਡੂ, ਲਵੰਤੇ=ਬੋਲਦੇ ਹਨ, ਚਵੈ=ਬੋਲਦਾ ਹੈ,
ਭੁਇਅੰਗਮ=ਸੱਪ, ਡਸੰਤੇ=ਡੰਗ ਮਾਰਦੇ, ਸਾਇਰ=ਸਮੁੰਦਰ,
ਸਰੋਵਰ, ਭਰ ਸੁਭਰ=ਨਕਾ-ਨਕ ਭਰੇ ਹੋਏ, ਚਲਉ=ਮੈਂ ਚੱਲਾਂ,
ਜਹ=ਜਿਥੇ, ਤਹ=ਤਿਥੈ)

 

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥

(ਅਸੁਨਿ=ਅੱਸੂ ਮਹੀਨੇ ਵਿਚ, ਪਿਰਾ=ਹੇ ਪਤੀ, ਸਾਧਨ=
ਇਸਤ੍ਰੀ, ਝੂਰਿ=ਝੂਰ ਕੇ, ਹਉਕੇ ਲੈ ਲੈ ਕੇ, ਤਾ=ਤਦੋਂ ਹੀ,
ਮੇਲੇ=ਮੇਲੇਂ, ਦੂਜੈ ਭਾਇ=ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ
ਪਿਆਰ ਵਿਚ, ਖੁਈ=ਖੁੰਝ ਗਈ, ਵਿਗੁਤੀ=ਖ਼ੁਆਰ ਹੋਈ,
ਮੁਤੀ=ਛੁੱਟੜ, ਕੁਕਹ ਕਾਹ=ਪਿਲਛੀ ਤੇ ਕਾਹੀ (ਅੱਸੂ ਦੀ
ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ
ਬੂਰ ਪੈਂਦਾ ਹੈ, ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ
ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ), ਆਗੈ=
ਅੱਗੇ ਲੰਘ ਗਈ ਹੈ, ਘਾਮ=ਗਰਮੀ, ਪਿਛੈ=ਉਸ ਘਾਮ ਦੇ
ਪਿਛੇ ਪਿਛੇ, ਜਾਡਾ=ਸਿਆਲ,ਕਮਜ਼ੋਰੀ, ਸਹਜਿ=ਅਡੋਲਤਾ
ਵਿਚ, ਬਸੀਠਾ=ਵਕੀਲ,ਵਿਚੋਲਾ)

 

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

(ਕਿਰਤੁ=ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਪਇਆ=
ਮਿਲ ਜਾਂਦਾ ਹੈ, ਜੋ=ਜਿਹੜਾ ਜੀਵ, ਪ੍ਰਭ ਭਾਇਆ=ਪ੍ਰਭੂ ਨੂੰ
ਚੰਗਾ ਲੱਗ ਪੈਂਦਾ ਹੈ, ਦੀਪਕੁ=ਦੀਵਾ, ਸਹਜਿ=ਆਤਮਕ
ਅਡੋਲਤਾ ਵਿਚ, ਬਲੈ=ਜਗ ਪੈਂਦਾ ਹੈ, ਤਤਿ=ਪ੍ਰਭੂ ਨਾਲ
ਡੂੰਘੀ ਜਾਣ-ਪਛਾਣ ਨੇ, ਜਲਾਇਆ=ਜਗਾ ਦਿੱਤਾ, ਦੀਪਕ
ਰਸ ਤੇਲੋ=ਆਤਮਕ ਜੀਵਨ ਦੀ ਸੂਝ ਦੇ ਆਨੰਦ ਦਾ ਤੇਲ,
ਧਨ=ਜੀਵ-ਇਸਤ੍ਰੀ, ਓਮਾਹੈ=ਉਮਾਹ ਵਿਚ,ਉਤਸ਼ਾਹ ਵਿਚ,
ਸਰਸੀ=ਸ+ਰਸੀ,ਆਨੰਦ ਮਾਣਦੀ ਹੈ, ਮਰੈ=ਆਤਮਕ ਮੌਤੇ
ਮਰ ਜਾਂਦੀ ਹੈ, ਸੀਝੈ=ਕਾਮਯਾਬ ਹੁੰਦੀ, ਗੁਣਿ=ਗੁਣ ਨੇ, ਮਾਰੀ=
ਵਿਕਾਰਾਂ ਵਲੋਂ ਮਾਰ ਦਿੱਤੀ, ਮਰਸੀ=ਵਿਕਾਰਾਂ ਵਲੋਂ ਬਚੀ ਰਹੇਗੀ,
ਦੇ=ਦੇਂਦਾ ਹੈ, ਨਿਜ ਘਰਿ=ਆਪਣੇ ਘਰ ਵਿਚ, ਤਿਨਾੜੀ=ਉਹਨਾਂ
ਦੀ, ਕਪਟ ਦਰ=ਦਰਵਾਜ਼ੇ ਦੇ ਕਿਵਾੜ, ਖਟੁ ਮਾਸਾ=ਛੇ ਮਹੀਨੇ)

 

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥

(ਗੁਣ=ਗੁਣਾਂ ਦੇ ਕਾਰਨ, ਅੰਕਿ=ਹਿਰਦੇ ਵਿਚ, ਹਰਿ
ਸਮਾਵਏ=ਪ੍ਰਭੂ ਆ ਵੱਸਦਾ ਹੈ, ਗੁਣ ਰਵੈ=ਜੋ ਜੀਵ ਪ੍ਰਭ
ਦੇ ਗੁਣ ਚੇਤੇ ਕਰਦਾ ਹੈ, ਮੈ ਪਿਰੁ=ਮੇਰਾ ਪਤੀ, ਨਿਹਚਲੁ=
ਸਦਾ ਕਾਇਮ ਰਹਿਣ ਵਾਲਾ, ਭਾਵਏ=ਪਿਆਰਾ ਲੱਗਦਾ ਹੈ,
ਬਿਧਾਤਾ=ਸਿਰਜਣਹਾਰ, ਚੰਚਲੁ=ਨਾਸਵੰਤ, ਸਬਾਇਆ=
ਸਾਰਾ, ਗਿਆਨੁ=ਪ੍ਰਭੂ ਨਾਲ ਜਾਣ-ਪਛਾਣ, ਧਿਆਨੁ=ਸੁਰਤਿ
ਦਾ ਟਿਕਾਉ, ਗੁਣ=ਪ੍ਰਭੂ ਦੀ ਸਿਫ਼ਤਿ-ਸਾਲਾਹ, ਪ੍ਰਭ ਭਾਣੇ=
ਜਦੋਂ ਪ੍ਰਭੂ ਦੀ ਰਜ਼ਾ ਹੋਈ, ਤਾ=ਤਦੋਂ, ਗੀਤ ਨਾਦ ਕਵਿਤ ਕਵੇ=
ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਬਾਣੀ ਕਾਵਿ, ਸੁਣਿ=ਸੁਣ ਕੇ,
ਨਾਮਿ=ਨਾਮ ਵਿਚ, ਨਾਹ ਪਿਆਰੀ=ਖਸਮ-ਪ੍ਰਭੂ ਨੂੰ ਪਿਆਰੀ,
ਅਭ=ਹਿਰਦਾ, ਨਾਹ=ਨਾਥ,ਖ਼ਸਮ, ਅਭ ਭਗਤੀ=ਦਿਲੀ ਪਿਆਰ)

 

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥

(ਪੋਖਿ=ਪੋਹ ਦੇ ਮਹੀਨੇ ਵਿਚ, ਤੁਖਾਰੁ=ਕੱਕਰ,ਕੋਰਾ,
ਰਸੁ=ਨਮੀ, ਸੋਖੈ=ਸੁਕਾ ਦੇਂਦਾ ਹੈ, ਵਸਹਿ=ਤੂੰ ਵੱਸਦਾ,
ਮੁਖੇ=ਮੁਖ ਵਿਚ, ਜਗ ਜੀਵਨੁ=ਜਗਤ ਦਾ ਜੀਵਨ,
ਮਾਣੀ=ਮਾਣਦਾ ਹੈ, ਅੰਡਜ=ਅੰਡੇ ਤੋਂ ਪੈਦਾ ਹੋਣ ਵਾਲੇ
ਜੀਵ, ਜੇਰਜ=ਜਿਓਰ ਤੋਂ ਪੈਦਾ ਹੋਣ ਵਾਲੇ, ਸੇਤਜ=
ਮੁੜ੍ਹਕੇ ਤੋਂ ਪੈਦਾ ਹੋਣ ਵਾਲੇ, ਉਤਭੁਜ=ਧਰਤੀ ਵਿਚੋਂ
ਉੱਗਣ ਵਾਲੇ, ਘਟਿ ਘਟਿ=ਹਰੇਕ ਘਟ ਵਿਚ, ਗਤਿ=
ਉੱਚੀ ਆਤਮਕ ਅਵਸਥਾ, ਪਾਵਉ=ਮੈਂ ਪਾ ਲਵਾਂ,
ਮਤਿ=ਅਕਲ, ਰੰਗਿ=ਪਿਆਰ ਵਿਚ, ਰਸਿ=ਰਸ
ਨਾਲ,ਆਨੰਦ ਨਾਲ, ਰਸੀਆ=ਪ੍ਰੇਮੀ, ਸਨੇਹੋ=ਪਿਆਰ)

 

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥

(ਪੁਨੀਤ=ਪਵਿਤ੍ਰ, ਤੀਰਥੁ=ਪਵਿਤ੍ਰ ਅਸਥਾਨ, ਅੰਤਰਿ=
ਹਿਰਦੇ ਵਿਚ, ਜਾਨਿਆ=ਪਛਾਣ ਲਿਆ, ਸਹਜਿ=ਸਹਜ
ਵਿਚ, ਗਹਿ=ਗ੍ਰਹਿਣ ਕਰ ਕੇ, ਅੰਕੇ=ਅੰਕ ਵਿਚ,ਹਿਰਦੇ
ਵਿਚ, ਬੰਕੇ=ਸੋਹਣੇ, ਸਰਿ=ਸਰੋਵਰ ਵਿਚ, ਨਾਵਾ=ਨ੍ਹਾਵਾਂ,
ਤਹ=ਉਸ ਆਤਮਕ ਅਵਸਥਾ ਵਿਚ, ਬੇਣੀ ਸੰਗਮ=ਤ੍ਰਿਬੇਣੀ,
ਗੰਗਾ ਜਮਨਾ ਸਰਸਵਤੀ ਤਿੰਨਾਂ ਪਵਿਤ੍ਰ ਨਦੀਆਂ ਦਾ
ਮਿਲਾਪ-ਅਸਥਾਨ, ਜਾਤਾ=ਡੂੰਘੀ ਸਾਂਝ ਪਾ ਲਈ)

 

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥

(ਰਹਸੀ=ਖ਼ੁਸ਼ ਹੋਈ, ਸੁਭਾਇਆ=ਚੰਗਾ ਲੱਗਾ, ਅਨਦਿਨੁ=
ਹਰ ਰੋਜ਼, ਰਹਸੁ=ਖਿੜਾਉ,ਆਨੰਦ, ਮਨ ਮੋਹੁ=ਮਨ ਦਾ ਮੋਹ,
ਤਿਸੁ=ਉਸ ਪ੍ਰਭੂ ਨੂੰ, ਆਓ=ਆਗਮਨ, ਘਰਿ=ਹਿਰਦੇ-ਘਰ,
ਕਰੀ=ਕਰੀਂ, ਮਹਲੀ=ਪ੍ਰਭੂ ਦੇ ਘਰ ਵਿਚ, ਲਹਾ ਨ=ਮੈਂ ਨਹੀਂ
ਲੱਭ ਸਕਦੀ, ਥਾਓ=ਥਾਂ, ਪਾਟ ਪਟੰਬਰ=ਰੇਸ਼ਮ ਦੇ ਕੱਪੜੇ,
ਪਿਰਿ=ਪਿਰ ਨੇ, ਲੋੜੀ=ਪਸੰਦ ਕਰ ਲਈ, ਵਰੁ=ਖਸਮ-ਪ੍ਰਭੂ)

 

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥੧੧੦੭-੦੯॥

(ਬੇ ਦਸ ਮਾਹ=ਬਾਰਾਂ ਹੀ ਮਹੀਨੇ, ਰੁਤੀ=ਰੁੱਤਾਂ, ਥਿਤੀ=
ਥਿੱਤਾਂ, ਵਾਰ=ਦਿਨ, ਭਲੇ=ਸੁਲੱਖਣੇ, ਚੰਗੇ, ਮੂਰਤ=ਮੁਹੂਰਤ,
ਆਏ=ਆ ਕੇ, ਸਹਜਿ=ਅਡੋਲ ਹੋਏ ਹਿਰਦੇ ਵਿਚ, ਸਾਰੇ=
ਸਿਰੇ ਚੜ੍ਹ ਗਏ, ਬਿਧਿ=ਢੰਗ,ਜੁਗਤਿ, ਜਿਨਿ=ਜਿਸ ਪ੍ਰਭੂ ਨੇ,
ਸੀਗਾਰੀ=ਸੰਵਾਰ ਦਿੱਤੀ,ਮਨ ਪਵਿਤ੍ਰ ਕਰ ਦਿੱਤਾ, ਤਿਸਹਿ=
ਉਸੇ ਪ੍ਰਭੂ ਨੂੰ, ਰੰਗੁ=ਆਤਮਕ ਆਨੰਦ, ਘਰਿ=ਹਿਰਦੇ ਵਿਚ,
ਪਿਰਿ=ਪਿਰ ਨੇ, ਰਾਵੀ=ਮਿਲਾ ਲਈ, ਮਸਤਕਿ=ਮੱਥੇ ਉਤੇ,
ਅਹਿ=ਦਿਨ, ਨਿਸਿ=ਰਾਤ, ਥਿਰੁ=ਸਦਾ ਕਾਇਮ, ਸੋਹਾਗੋ=
ਚੰਗਾ ਭਾਗ)

 

Leave a Reply

Your email address will not be published. Required fields are marked *